Ephesians 6

1ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੀ ਆਗਿਆ ਮੰਨੋ ਕਿਉਂ ਜੋ ਇਹ ਉੱਤਮ ਗੱਲ ਹੈ । 2ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ ਤਾਂ ਜੋ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ । 3ਇਹ ਪਹਿਲਾ ਹੁਕਮ ਹੈ ਜਿਸ ਨਾਲ ਵਾਇਦਾ ਵੀ ਹੈ ।

4ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਅਤੇ ਚਿਤਾਵਨੀ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਕਰੋ ।

5ਹੇ ਨੌਕਰੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਕਰਕੇ ਤੁਹਾਡੇ ਮਾਲਕ ਹਨ, ਆਪਣੇ ਮਨ ਦੀ ਸਫ਼ਾਈ ਨਾਲ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਕਰੋ ਜਿਵੇਂ ਮਸੀਹ ਦੀ । 6ਅਤੇ ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਦੀ ਤਰ੍ਹਾਂ, ਦਿਖਾਵੇ ਦੀ ਨੌਕਰੀ ਨਾ ਕਰੋ ਸਗੋਂ ਮਸੀਹ ਦੇ ਸੇਵਕਾਂ ਦੀ ਤਰ੍ਹਾਂ ਮਨ ਲਗਾ ਕੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ । 7ਇਸ ਸੇਵਾ ਨੂੰ ਮਨੁੱਖਾਂ ਦੀ ਨਹੀਂ ਸਗੋਂ ਪ੍ਰਭੂ ਦੀ ਜਾਣ ਕੇ ਮਨ ਲਗਾ ਕੇ ਕਰੋ । 8ਕਿਉਂ ਜੋ ਇਹ ਜਾਣਦੇ ਹੋ ਭਈ ਹਰੇਕ ਜੋ ਭਲਾ ਕੰਮ ਕਰੇ ਭਾਵੇਂ ਦਾਸ ਹੋਵੇ, ਭਾਵੇਂ ਅਜ਼ਾਦ ਹੋਵੇ, ਸੋ ਪ੍ਰਭੂ ਕੋਲੋਂ ਉਹ ਦਾ ਫਲ ਪਾਵੇਗਾ ।

9ਅਤੇ ਹੇ ਮਾਲਕੋ, ਤੁਸੀਂ ਧਮਕੀਆਂ ਦੇਣੀਆਂ ਛੱਡ ਕੇ, ਉਹਨਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਇਹ ਜਾਣਦੇ ਹੋ ਜੋ ਸਵਰਗ ਵਿੱਚ ਤੁਹਾਡਾ ਦੋਹਾਂ ਦਾ ਮਾਲਕ ਹੈ, ਜੋ ਕਿਸੇ ਦਾ ਪੱਖਪਾਤ ਨਹੀਂ ਕਰਦਾ !

10ਮੁੱਕਦੀ ਗੱਲ, ਪ੍ਰਭੂ ਵਿੱਚ ਅਤੇ ਉਹ ਦੀ ਸਮਰੱਥਾ ਦੀ ਸ਼ਕਤੀ ਵਿੱਚ ਤਕੜੇ ਹੋਵੋ ! 11ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਪਹਿਨ ਲਵੋ, ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ ।

12ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਸੰਸਾਰ ਦੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ । 13ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ, ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸੱਭੋ ਕੁੱਝ ਪੂਰਾ ਕਰਕੇ ਸਥਿਰ ਰਹਿ ਸਕੋ ।

14ਸੋ ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ । 15ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖੜੇ ਹੋ ਜਾਓ ! 16ਇਹਨਾਂ ਸਭਨਾਂ ਤੋਂ ਵਧ ਕੇ, ਵਿਸ਼ਵਾਸ ਦੀ ਢਾਲ਼ ਲਵੋ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਬੁਝਾ ਸਕੋ ।

17ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦਾ ਬਚਨ ਹੈ, ਲੈ ਲਵੋ । 18ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਮਿੱਤ ਜਾਗਦੇ ਹੋਏ ਸਾਰਿਆਂ ਸੰਤਾਂ ਲਈ ਬਹੁਤ ਦਲੇਰੀ ਨਾਲ ਬੇਨਤੀ ਕਰਿਆ ਕਰੋ ।

19ਅਤੇ ਮੇਰੇ ਲਈ ਵੀ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਪਰਗਟ ਕਰਾਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ । 20ਅਤੇ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਉਸ ਵਿੱਚ ਦਲੇਰੀ ਨਾਲ ਬੋਲਾਂ ।

21ਪਰ ਇਸ ਲਈ ਜੋ ਤੁਸੀਂ ਵੀ ਮੇਰੇ ਬਾਰੇ ਜਾਣੋ ਕਿ ਮੇਰਾ ਕੀ ਹਾਲ ਹੈ, ਤੁਖਿਕੁਸ ਜਿਹੜਾ ਪਿਆਰਾ ਭਰਾ, ਪ੍ਰਭੂ ਵਿੱਚ ਵਿਸ਼ਵਾਸਯੋਗ ਸੇਵਕ ਹੈ ਤੁਹਾਨੂੰ ਸੱਭੇ ਗੱਲਾਂ ਦੱਸੇਗਾ । 22ਜਿਹ ਨੂੰ ਮੈਂ ਤੁਹਾਡੇ ਕੋਲ ਇਸੇ ਕਰਕੇ ਭੇਜਿਆ ਜੋ ਤੁਸੀਂ ਸਾਡੀਆਂ ਬੀਤੀਆਂ ਨੂੰ ਜਾਣੋ ਅਤੇ ਉਹ ਤੁਹਾਡਿਆਂ ਮਨਾਂ ਨੂੰ ਦਿਲਾਸਾ ਦੇਵੇ ।

23ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਭਰਾਵਾਂ ਨੂੰ ਸ਼ਾਂਤੀ ਅਤੇ ਵਿਸ਼ਵਾਸ ਪਿਆਰ ਸਣੇ ਮਿਲਦੀ ਰਹੇ ! 24ਉਹਨਾਂ ਸਭਨਾਂ ਉੱਤੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਸੱਚਾ ਪਿਆਰ ਰੱਖਦੇ ਹਨ, ਕਿਰਪਾ ਹੁੰਦੀ ਰਹੇ । ਆਮੀਨ ।

Copyright information for PanULB